ਹਾਸੇ, ਟਿੱਚਰਾਂ, ਚੋਭਾਂ, ਤਾੜੀ,
ਸੀਪਾਂ, ਸੱਥਾਂ, ਢਾਣੀਆਂ, ਆੜੀ
ਦਲ਼ੀਏ, ਦਾਰੂ, ਚਾਹਾਂ, ਕਾੜ੍ਹੇ,
ਭਰਵੇਂ ਜੁੱਸੇ, ਚਿੱਟੇ ਦਾਹੜੇ,
ਪੱਗਾਂ, ਪਰਨੇ, ਖੇਸ ਤੇ ਭੂਰੇ
ਥੱਪੜ, ਮੁੱਕੇ, ਚੂੰਢੀਆਂ, ਹੂਰੇ
ਚੜ੍ਹਦਾ, ਡੁੱਬਦਾ, ਰਾਤ, ਕੁਵੇਲਾ
ਰਹਿਰਾਸ ਤੇ ਅੰਮ੍ਰਿਤ ਵੇਲ਼ਾ,
ਕੁੱਪ, ਢਿੱਗਾਂ, ਪੇਪਾਂ, ਪਥਵਾੜੇ
ਗੋਹਾ, ਪਾਥੀਆਂ ਅਤੇ ਗੁਹਾਰੇ,
ਪੀਰ, ਸਮਾਧਾਂ, ਕੁਟੀਆ, ਡੇਰੇ
ਡਾਂਗ, ਗੰਡਾਸੀ, ਠੀਕਰੀ ਪਹਿਰੇ,
ਲੰਗਰ, ਭੋਗ, ਸ਼ਰਾਧ, ਛਬੀਲਾਂ,
ਵਾਰ, ਕਵੀਸ਼ਰ, ਰੇੜੂਏ, ਰੀਲਾਂ
ਬਸਤਰ, ਚਿੱਪੀਆਂ, ਜੋਤ, ਖੜਾਵਾਂ,
ਆਜਾ ਤੈਨੂੰ ਪਿੰਡ ਦਿਖਾਵਾਂ...
ਕਰਵਾ ਚੌਥ ਦਾ ਚੰਦ ਤੇ ਚੂੜਾ
ਸੂਹੀਆਂ ਚੁੰਨੀਆਂ ਦਾ ਰੰਗ ਗੂੜ੍ਹਾ
ਦੀਵਾਲੀ ਮਾਘੀ ਦੇ ਨਾਲ ਲੋਹੜੀ
ਗੱਚਕ, ਟਿੱਕੀ ਦੇ ਨਾਲ ਰਿਓੜੀ
ਗੁਰਪੁਰਬਾਂ ਨੂੰ ਪਾਠ ਤੇ ਸ਼ਰਧਾ
ਪੋਹ ਮਹੀਨਾ ਸਭਾ ਦਾ ਭਰਦਾ
ਦਸਵੀਂ, ਪੁੰਨਿਆ, ਮੱਸਿਆ, ਤਿੱਥਾਂ,
ਤੀਜ, ਨ੍ਹੇਰ ਤੇ ਚਾਨਣ ਮਿੱਥਾਂ
ਨੌਵੀਂ, ਭਾਦੋਂ ਮਾੜੀਆਂ, ਮਿੱਟੀਆਂ
ਗੁੱਡੀਆਂ ਫੂਕਣਾ ਰੋਟੀਆਂ ਮਿੱਠੀਆਂ
ਸਾਓਣ ਦੇ ਬਿਸਕੁਟ ਤੀਆਂ ਸੰਧਾਰੇ,
ਰੱਖੜੀ, ਸਾਂਝੀ ਮਾਈ, ਰਾਤੀਂ ਤਾਰੇ,
ਚੜ੍ਹੇ ਵਿਸਾਖ ਸੁਨਹਿਰੀ ਛਿੱਟੇ
ਹੋਲਾ ਹੋਲੀ ਅੱਗੇ ਪਿੱਛੇ
ਪ੍ਰਲਾਦ ਭਗਤ ਹਰਨਾਖਸ਼ ਡਾਹਢੇ
ਆਹ ਹੁੰਦੇ ਐ ਦਿਨ ਸੁਦ ਸਾਡੇ...
ਪੂੜੇ, ਗੁਲਗਲੇ ਨਾਲ ਕਚੌਰੀ,
ਚਾਟੀ, ਝੱਕਰੀ, ਨਾਲ਼ੇ ਤੌੜੀ,
ਸਾਗ, ਮੋਠ ਤੇ ਮਿੱਸੀਆਂ ਦਾਲ਼ਾਂ,
ਲੱਸੀਆਂ, ਮਖਣੀ, ਘਿਓ ਦੀਆਂ ਨਾਲ਼ਾਂ
ਚਟਣੀ, 'ਚਾਰ ਤੇ ਮਿਰਚਾਂ ਗੱਠੇ
ਡੇਲਾ, ਔਲ਼ਾ ਦੋਨੋਂ ਈ 'ਕੱਠੇ
ਕੜ੍ਹਿਆ ਦੁੱਧ ਤੇ ਦਹੀਂ ਦਾ ਬਾਟਾ
ਖੋਆ, ਪੰਜੀਰੀ, ਭੁੰਨਿਆ ਆਟਾ
ਚੁੱਲ੍ਹੇ, ਚੁਰਾਂ, ਅੰਗੀਠੀਆਂ, ਹਾਰੇ
ਮੀਹਾਂ ਵਿੱਚ ਪਤੌੜ ਕਰਾਰੇ
ਕੜਾਹ, ਸੇਵੀਆਂ, ਰਹੁ ਦੀਆਂ ਖੀਰਾਂ,
ਕਰਨ ਤਰਾਰਾ ਵਿੱਚ ਸਰੀਰਾਂ
ਝਿੰਜਣ, ਹਰਹਰ, ਪਲ਼ਿਓਂ, ਬਾਲਣ,
ਪੜੇਥਣ, ਪੇੜੇ, ਸਾਗ ‘ਚ ਆਲ੍ਹਣ
ਮਿੱਸੀਆਂ, ਫੁਲਕੇ, ਚਿੜੀ, ਪਰੌਂਠੇ
ਆਹ ਨੇ ਸਾਡੇ ਚੁੱਲ੍ਹੇ ਚੌੰਕੇ...
ਬਿੱਘੇ, ਵਿਸਵੇ, ਕਿੱਲੇ, ਕਰਮਾਂ,
ਸਰੋਂ, ਕਪਾਹਾਂ, ਤੋਰੀਆ, ਨਰਮਾ,
ਵੱਟਾਂ, ਓਰੀਆਂ, ਖਾਲ਼ ਤੇ ਨੱਕੇ,
ਨਾਲ਼ਾਂ, ਮੋਟਰਾਂ, ਔਲ਼ੂ ਪੱਕੇ
ਚਰ੍ਹੀਆਂ, ਟਾਂਡੀਆਂ ਅਤੇ ਜਵਾਰਾਂ,
ਬਰਸਣ, ਜਵੀਂ ਦੇ ਨਾਲ ਗੁਆਰਾ
ਮੁਢਲੇ ਕਿਆਰੇ, ਟਾਹਲੀਆਂ, ਬੰਨੇ
ਕਣਕਾਂ, ਮੂੰਗੀਆਂ, ਛੋਲੇ, ਗੰਨੇ
ਦਾਤੀਆਂ, ਬੇੜਾਂ, ਥੱਬੇ, ਪੱਲੀਆਂ
ਸਿੱਟੇ, ਦੋਦੇ, ਫੁੱਲ ਤੇ ਬੱਲੀਆਂ
ਮਗਰੀਆਂ, ਭਰੀਆਂ, ਗਠੜੀਆਂ, ਪੰਡਾਂ
ਹੁੰਮਸ, ਧੂੜਾਂ, ਗਰਦਾਂ, ਕੰਡਾਂ,
ਗੁੱਡਣ, ਸਿੰਜਣ, ਬੀਜਣ, ਵਾਹੁਣਾ
ਵੱਢਣਾ, ਝਾੜਣਾ, ਕੱਢਣਾ, ਗਹੁਣਾ,
ਖੁਰਪੇ ਤੇ ਹਰਨਾਲ਼ੀਆਂ, ਕਹੀਆਂ
ਆਹ ਨੇ ਸਾਡੇ ਖੱਤੇ ਪਹੀਆਂ...
ਵਿਹੜੇ, ਬੈਠਕਾਂ, ਲੈਂਟਰ, ਬਾਲੇ
ਵੀਹੀਆਂ, ਫਿਰਨੀਆਂ, ਤੂੜੀਆਂ ਆਲੇ
ਕੰਸ, ਡੋਲ਼ੀ, ਪਰਛੱਤੀਆਂ, ਟਾਂਡਾਂ,
ਚੁਬਾਰਾ, ਡਿਊਡੀ, ਛੱਤ, ਵਰਾਂਡਾ,
ਪਟੜੀ, ਪੀੜ੍ਹੀ, ਕੁਰਸੀਆਂ, ਮੰਜੇ
ਚਰਖੇ, ਪੂਣੀ, ਛਾਬੇ, ਪੰਜੇ
ਖੁਰਲੀਆਂ, ਕੁੰਡਾਂ, ਸੰਗਲ਼, ਕੀਲੇ
ਮੂਹਰੀਆਂ, ਨੱਥਾਂ, ਜੂੜ ਵਸੀਲੇ
ਹਾਕਾਂ, ਹੂੰਘਰ, ਬਾਤ, ਹੁੰਘਾਰੇ
ਲੈਨ ‘ਚ ਮੰਜੇ, ਆੜੀ ਤਾਰੇ
ਫਟਕੜਾ, ਛੱਪਰ ਤੇ ਝਲਿਆਨੀ
ਜਾਗ, ਉਬਾਲ਼ਾ, ਦੁੱਧ ਨਿਗਰਾਨੀ
ਸੰਨ੍ਹੀਆਂ, ਭਾੜੇ, ਖਲਾਂ ਤੇ ਪੱਠੇ
ਡੰਗਰ, ਮੱਛਰ, ਧੂਣੇ, ਪੱਖੇ
ਦਰਾਂ ਦੇ ਮੂਹਰੇ ਤੂਤ ਬਰੋਟੇ
ਆਹ ਨੇ ਸਾਡੇ ਦੇਹਲ਼ੀਆਂ ਓਟੇ
ਚਾਚੇ, ਤਾਏ, ਪੁੱਤ, ਭਤੀਜੇ,
ਮਾਵਾਂ, ਮਾਸੀਆਂ, ਭੈਣਾਂ, ਜੀਜੇ,
ਸੱਸਾਂ, ਨਣਦਾਂ, ਜੇਠ ਤੇ ਸਹੁਰੇ,
ਫਿਰ ਨਣਦੋਈਏ ਤੇ ਪਤਿਓਰੇ,
ਸਾਲੇਹਾਰਾਂ, ਭਾਣਜ ਨੂੰਹਾਂ
ਸਾਲ਼ੀਆਂ, ਭਾਬੀਆਂ, ਨਵੀਆਂ ਬਹੂਆਂ,
ਪੋਤ ਨੂੰਹਾਂ, ਪੋਤੇ, ਪੜਪੋਤੇ
ਧੀਆਂ, ਜੁਆਈ, ਦੋਹਤੀਆਂ, ਦੋਹਤੇ
ਚਾਚੀਆਂ, ਤਾਈਆਂ ਅਤੇ ਦਰਾਣੀ
ਕੁੜਮ ਕੁੜਮਣੀ ਅਤੇ ਜਠਾਣੀ
ਮਾਸੜ, ਫੁੱਫੜ, ਮਾਮੀ, ਮਾਮਾ
ਸਾਲ਼ਾ, ਸਾਢੂ, ਨਾਨੀ, ਨਾਨਾ
ਬਾਬੇ, ਬਾਪੂ, ਵੀਰੇ, ਬੀਬੀ,
ਉੱਚੇ ਥੰਮੇ, ਸਾਕ ਕਰੀਬੀ
ਮੂੰਹ ਮੁਲਾਹਜ਼ੇ, ਵਰਤ ਵਿਹਾਰਾਂ
ਆਹ ਏ ਸਾਡਾ ਭਾਈਚਾਰਾ...
(ਦਾਊਮਾਜਰਾ)