ਸ਼ਬਦ ਨਗੀਨੇ 💎


Гео и язык канала: Индия, Хинди
Категория: Книги


ਮਾਂ-ਬੋਲੀ ਪੰਜਾਬੀ ਦੇ ਭੁੱਲਦੇ-ਵਿਸਰੇ ਸ਼ਬਦ, ਕਾਵਿ-ਰੂਪ ਵਿੱਚ
Facebook channel: https://www.facebook.com/kb.MaaBoli

Связанные каналы  |  Похожие каналы

Гео и язык канала
Индия, Хинди
Категория
Книги
Статистика
Фильтр публикаций


⚠️ ਲੇਖਕ ਲਹਿੰਦੇ ਪੰਜਾਬੋਂ ਹੋਣ ਕਰਕੇ ਕੁੱਝ ਕੁ ਸ਼ਬਦ ਓਧਰਲੇ ਹਨ

ਕਿੱਥੇ ਗਈਆਂ ਰਾਣੀਆਂ,
ਨੇਹੀਆਂ ਤੇ ਮਧਾਣੀਆਂ,

ਭੱਠ ਤੇ ਤੰਦੂਰੀਆਂ,
ਬੋੜਵੇਂ ਤੇ ਚੂਰੀਆਂ,

ਬੂਰੀਆਂ ਤੇ ਕਾਲ਼ੀਆਂ,
ਹਲ਼ ਤੇ ਪੰਜਾਲ਼ੀਆਂ,

ਤ੍ਰੈਂਗਲਾਂ ਤੇ ਦੋਸਾਂਘੀਆਂ,
ਫਾਹੁੜੀਆਂ ਤੇ ਵਾਂਘੀਆਂ,

ਤੇਰੀਆਂ ਤੇ ਸਾਡੀਆਂ,
ਦਾਤਰੀ ਤੇ ਵਾਢੀਆਂ,

ਵੇਲਣੇ ਤੇ ਚੱਕੀਆਂ,
ਮਿਰਜ਼ੇ ਤੇ ਬੱਕੀਆਂ,

ਦੋਹਣੀਆਂ ਤੇ ਬਾਟੀਆਂ,
ਮੱਘੜੇ ਤੇ ਚਾਟੀਆਂ,

ਦੌਰੀਆਂ ਤੇ ਕੂੰਡੀਆਂ,
ਖਿੰਦੜੇ ਤੇ ਖੂੰਡੀਆਂ,

ਫੁੱਲ ਪੱਤੀ ਪਿੜੀਆਂ,
ਆਟੇ ਦੀਆਂ ਚਿੜੀਆਂ,

ਕਲਮਾਂ ਸਲੇਟੀਆਂ,
ਨੰਗਲਾਂ ਤੇ ਟੇਟੀਆਂ,

ਗਾਚੀਆਂ ਤੇ ਫੱਟੀਆਂ,
ਟੋਪੜੇ ਤੇ ਛੱਟੀਆਂ,

ਪੱਖੇ ਤੇ ਭੰਬੀਰੀਆਂ,
ਪਿੰਨੀ ਤੇ ਪੰਜੀਰੀਆਂ,

ਟੋਕਰੇ ਤੇ ਖਾਰੀਆਂ,
ਆਲ਼ੇ ਖੁੱਡੇ ਬਾਰੀਆਂ,

ਪੰਡ ਥੱਬੀ ਪੂਲ਼ੀਆਂ,
ਉੱਖਲ਼ੀ ਤੇ ਮੂਹਲ਼ੀਆਂ,

ਤੰਗੜਾਂ ਤੇ ਦਾਬੜੇ,
ਛੱਜ ਛਿੱਕੂ ਛਾਬੜੇ,

ਵਿਰਹੋ ਤੇ ਸਖਾਵਤਾਂ,
ਨਿੱਘ ਤੇ ਤਰਾਵਤਾਂ,

ਅਟੇਰਨੇ ਤੇ ਊਰੀਆਂ,
ਪੱਲੀਆਂ ਤੇ ਘੂਰੀਆਂ,

ਲੇਫ਼ ਤੇ ਨਿਹਾਲੀਆਂ,
ਛੰਨੇ ਤੇ ਪਿਆਲੀਆਂ,

ਖੇਸੜੇ ਤੇ ਜੁੱਲੀਆਂ,
ਖਿੜਕੇ ਤੇ ਚੁੱਲ੍ਹੀਆਂ,

ਲਾਟੂ ਤੇ ਲਟੂਣੀਆਂ,
ਚਰਖੇ ਤੇ ਪੂਣੀਆਂ,

ਤਾਵੜੀ ਕਨਾਲ਼ੀਆਂ,
ਕੜਛੀ ਕੁਠਾਲੀਆਂ,

ਕੌਲੀਆਂ ਤੇ ਧਾਮੀਆਂ,
ਲਾਗ ਤੇ ਸਲਾਮੀਆਂ,

ਘੜੇ ਘੜਵੰਜੀਆਂ,
ਖੱਜੀ ਦੀਆਂ ਮੰਜੀਆਂ,

ਕੰਧਾਂ ਮੁੱਢੀ ਕੀੜੀਆਂ,
ਚੌਂਕੀਆਂ ਤੇ ਪੀੜ੍ਹੀਆਂ,

ਝਾਲਰਾਂ ਤੇ ਤਣੀਆਂ,
ਚੌਂਤਰੇ ਤੇ ਅਣੀਆਂ,

ਕਿੰਗਰੇ ਕੰਧੋਲ਼ੀਆਂ,
ਢਾਂਗੜੇ ਹੋਲ਼ੀਆਂ,

ਰੰਬੀਆਂ ਖਦੋਲਣੇ,
ਰੱਖੜੀ ਤੇ ਢੋਲਣੇ,

ਸ਼ਤੀਰੀਆਂ ਤੇ ਕੜੀਆਂ,
ਡੱਕਰੇ ਤੇ ਵੜੀਆਂ,

ਤਿੰਡੜਾਂ ਤੇ ਪਾੜਛੇ,
ਕੜਾਹੀ ਗੰਢ ਕਾੜਛੇ,

ਗਲੀਤਰੀ ਤੇ ਮੂਕੀਆਂ,
ਫਤੂਹੀਆਂ ਤੇ ਸਲੂਕੀਆਂ,

ਉਲਾਂਘੜਾ ਤੇ ਚੂੰਗੀਆਂ,
ਲਾਚੜੇ ਤੇ ਲੂੰਗੀਆਂ,

ਜੰਗ਼ਲੇ ਤੇ ਚੰਨਣੇ,
ਸਬਾਤਾਂ ਤੇ ਛਮੰਨਣੇ,

ਮਗਰੀ ਵਗੈਣੀਆਂ,
ਢਾਰੀਆਂ ਤੇ ਭੈਣੀਆਂ,

ਧੇਲੀਆਂ ਚਵਾਨੀਆਂ,
ਨੱਥਲੀ ਤੇ ਗਾਨੀਆਂ,

ਘੁੰਗਰੂ ਤੇ ਟੱਲੀਆਂ,
ਪੀਠੀਆਂ ਤੇ ਪੱਲੀਆਂ,

ਸੀਣੀ ਦੀਆਂ ਰੱਸੀਆਂ,
ਮੱਖਣੀ ਤੇ ਲੱਸੀਆਂ,

ਭੋਜਣੇ ਘਰੋੜੀਆਂ,
ਗੁੜ ਦੀਆਂ ਰੋੜੀਆਂ,

ਆਬੂ ਸੱਤੂ ਹੋਲੜਾਂ,
ਲਸੂੜੀਆਂ ਤੇ ਗੋਲ੍ਹੜਾਂ,

ਮਸਕੇ ਤੇ ਘੂਰੀਆਂ,
ਇਨੂੰ ਤੇ ਚਟੂਰੀਆਂ,

ਹਾਲੇ ਵੀ ਸਤਾਂਦੀਆਂ,
ਗਾਨੇ ਤੇ ਪਰਾਂਦੀਆਂ,

ਸੁਰਮੇ ਤੇ ਧਾਰੀਆਂ,
ਗੋਟੇ ਤੇ ਕਿਨਾਰੀਆਂ,

ਪੀਲਕਾਂ ਭਪੋਲੜੇ,
ਰੁਮਾਲੀਆਂ ਪਟੋਲੜੇ,

ਸੱਚੀਆਂ ਤੇ ਗੂੜ੍ਹੀਆਂ,
ਝਾਂਜਰਾਂ ਤੇ ਚੂੜੀਆਂ,

ਅੱਖਾਂ ਵਿੱਚ ਰਹਿੰਦੀਆਂ,
ਵੱਟਣੇ ਤੇ ਮਹਿੰਦੀਆਂ,

ਸਿੱਠਣੀ ਤੇ ਬੋਲੀਆਂ,
ਖੱਟ ਤੇ ਘੜੋਲੀਆਂ,

ਗੁੱਡੜੇ ਤੇ ਗੁੱਡੀਆਂ,
ਭੰਗੜੇ ਤੇ ਲੁੱਡੀਆਂ,

ਘੁੱਗੂ ਘੋੜੇ ਕੁੱਜੀਆਂ,
ਕਿਸੇ ਨੂੰ ਨਾ ਪੁੱਜੀਆਂ,

ਕਿੱਥੇ ਗਈਆਂ ਸੋਨੇ ਜਿਹੀਆਂ,
ਸੰਧੂਆ ਉਹ ਸੂਰਤਾਂ,

ਤੇਰੇ ਸਾਡੇ ਚੰਨ ਜਿਹੇ,
ਪੰਜਾਬ ਦੀਆਂ ਮੂਰਤਾਂ।

(ਇਰਸ਼ਾਦ ਸੰਧੂ)




ਇੱਥੇ ਬਾੜੀਆਂ ਤੇ ਬਾਉੜੀਆਂ 'ਚ ਰਾਣੀਆਂ ਦੇ ਕਿੱਸੇ
ਇੱਥੇ ਸੁੱਕ ਗਏ ਜੋ ਖੂਹ ਰੁੱਸੇ ਪਾਣੀਆਂ ਦੇ ਕਿੱਸੇ
ਇੱਥੇ ਰੰਕ ਤੇ ਨਰੇਸ਼ ਕਦੇ ਰਹੇ ਨਾ ਹਮੇਸ਼
ਇੱਥੇ ਚੱਲੀ ਨਹੀਉਂ ਵੱਡੇ ਜਰਵਾਣਿਆ ਦੀ ਪੇਸ਼
ਇੱਥੇ ਬੇਰੀਆਂ, ਭੰਬੋਲਾਂ, ਗੋਲ੍ਹਾਂ, ਜਾਮਣਾਂ, ਲਸੂੜੇ
ਇੱਥੇ ਕੀਹਨੇ-ਕੀਹਨੇ ਸਿੱਖੇ ਵਾਹੁਣੇ ਫ਼ੱਟੀਆਂ 'ਤੇ ਊੜੇ
ਇੱਥੇ ਢਾਬਾਂ ਉੱਤੇ ਆਥਣੇ ਜੇ ਖੇਡਦੇ ਬਟੇਰੇ
ਇੱਥੇ ਮੋਰਾਂ ਦਿਆਂ ਪੁੜਿਆਂ 'ਚ ਰੰਗਾਂ ਦੇ ਬਸੇਰੇ
ਇੱਥੇ ਬਾਘੜੀ ਨੇ ਪਿੰਡ ਵਾਲੀ ਜੂਹ ਦਾ ਸ਼ਿੰਗਾਰ
ਇੱਥੇ ਵੱਸੇ ਕਰਤਾਰ ਰਹੇ ਬਣਿਆ ਵਿਹਾਰ
ਇੱਥੇ ਨਾਥਾਂ, ਦਰਵੇਸ਼ਾਂ, ਜੋਗੀ, ਜਤੀਆਂ ਦੀ ਪੈੜ
ਇੱਥੇ ਮੀਰਾ ਜਈ ਫ਼ਕੀਰਨੀ ਤੇ ਸਤੀਆਂ ਦੀ ਪੈੜ
ਇੱਥੇ ਰੁੰਦੇ ਹੋਏ ਮਾਵਾਂ ਦਿਆਂ ਹਉਕਿਆਂ 'ਚ ਨਾਹਰੇ
ਇੱਥੇ ਚੜ੍ਹਦੀ ਕਲਾ 'ਚ ਬੈਠੇ ਤਵੀਆਂ 'ਤੇ ਪਿਆਰੇ
ਇੱਥੇ ਕਾਮਿਆਂ ਦੇ ਕੱਚੇ ਜਿਹੇ ਢਾਰਿਆਂ ਦੀ ਮਹਿਕ
ਇੱਥੇ ਨੱਕੇ ਹੋਏ ਭੜੋਲੇ ਲਿੱਪੇ ਹਾਰਿਆਂ ਦੀ ਮਹਿਕ
ਇੱਥੇ ਛਮਲੇ, ਮੜਾਸੇ, ਗੁੰਦੇ ਜੁੱਸਿਆਂ ਦੇ ਜੌਹਰ
ਇੱਥੇ ਕੱਚੇ ਜਿਹੇ ਪਹਿਆਂ ਦੀ‌ ਮਹਿਲਾਂ ਜਿੰਨੀ ਟੌਹਰ
ਇੱਥੇ ਨਾੜੂਏ ਨੇ ਨਾਦ ਇੱਥੇ ਕੁੱਖਾਂ ਬ੍ਰਹਿਮੰਡ
ਇੱਥੇ ਕਰ ਨਾ ਕੋਈ ਸਕੇ ਉਹ ਅਦੀਸ ਵੱਲ ਕੰਡ
ਇੱਥੇ ਮੋਚੀਆਂ ਜੁਲਾਹਿਆਂ ਦਾ ਇੱਕੋ ਜਿਆ ਮੜੰਗਾ
ਇੱਥੇ ਖੱਡੀਆਂ 'ਚ ਖ਼ੁਦਾ ਤੇ ਕਠੌਤੀਆਂ 'ਚ ਗੰਗਾ
ਇੱਥੇ ਰੂਹ ਤਬਰੇਜ਼ ਦੀ ਸੀ ਰਹੀ ਪਿੰਡਾ ਮੰਗ
ਇੱਥੇ ਮੁੜ ਕੇ ਅਸਾਂ ਨੂੰ ਫ਼ਿਰ ਦੇਣੇ ਪਏ ਕਰੰਗ
ਇੱਥੇ ਸਿੱਕਾ ਇੱਕੋ ਖ਼ੁਦਾ, ਜੁਦਾ ਪਾਸੇ ਕੋਲੋਂ ਪਾਸਾ
ਇੱਥੇ ਉਹੀ ਬਣੇ ਰਾਜਾ, ਮੰਗੇ ਉਹੀ ਲੈ‌ਕੇ ਕਾਸਾ‌
ਹੁਣ ਦੱਸੋ ਭਲਾ ਲੋਕੋ ਇਹ ਕੀ ਏ ਤਮਾਸ਼ਾ..?
ਇੱਥੇ ਹਰ ਬੰਦਾ ਖੂਹ ਕੋਲ ਮਰਿਆ ਪਿਆਸਾ
ਕੋਈ ਸੋਧੋ ਅਰਦਾਸਾ ਮੇਰੀ ਮੁੱਕੇ ਜਿਗਿਆਸਾ
ਸ਼ਿਵ ਰਾਜ ਕਰ ਹੀਲਾ ਤੂੰ ਹੀ ਦਾਸਾਂ ਦਿਆ ਦਾਸਾ




Репост из: TG Ads
💬 Contact ID


ਰੋਹੀ ਵਾਲਾ ਰੁੱਖ

‍ਪਿਲਕਣ, ਪਿੱਪਲ, ਗੁੱਲਰ,
ਬੋਹੜ ਤੇ ਅਮਲਤਾਸ,
ਰੁੱਖ ਪੰਜ-ਆਬ ਦੀ ਧਰਤ ਦੇ,
ਜੀਵਨ ਦੀ ਨੇ ਆਸ।

ਨਿੰਮ, ਬਹੇੜਾ, ਮਹੂਆ
ਤੇ ਕਿੱਕਰ, ਬੇਰੀ,
ਨਿੱਤ ਲਗਦੇ-ਕਰਦੇ ਜਾਪਦੇ,
ਗੱਲ ਤੇਰੀ-ਮੇਰੀ।

ਚਿੱਟੀ ਸਰੀਂਹ ਵੀ ਫੱਬਦੀ,
ਧੱਕ ਪਾਉਂਦੀ ਕਾਲੀ,
ਜੰਡ, ਪਲਾਸ਼ ਨੇ ਢਕ ਰੱਖੀ
ਪਹੀ ਬੰਬੀ ਵਾਲੀ।

ਹਾਰ-ਸ਼ਿੰਗਾਰ, ਰਜੈਣ ਤੇ
ਨਾਲੇ ਅੰਬ ਦੇਸੀ,
ਕਦੇ ਕੋਲ ਸਿਆਲੀਂ
ਜਾ ਬਹ‍ਾਂ, ਲੈ ਡੱਬੀ ਖੇਸੀ।

ਟਾਹਲੀ, ਟਾਹਲਾ, ਇਮਲੀ,
ਹਰਿਆ ਸੁਖਚੈਨ,
ਆ ਬਹਿ ਸਾਡੀ ਆਗ਼ੋਸ਼ ਵਿੱਚ,
ਨਿੱਤ ਮੈਨੂੰ ਕਹਿਣ।

ਖੈਰ, ਰੇਰੂ ਤੇ ਫਾਲਸਾ,
ਸ਼ਹਿਤੂਤ, ਫਲਾਹੀ,
ਕਦੇ ਪਾਉਂਦੇ ਦਿਸਦੇ ਜਾਪਦੇ,
ਕੋਈ ਬਾਤ ਇਲਾਹੀ।

ਜਾਮਣ, ਜਮਊਆ, ਸਿੰਬਲ
ਤੇ ਅਰਜਨ, ਕਚਨਾਰ,
ਕੋਲੋਂ ਲੰਘਿਆਂ ਛਿੜ ਜਾਵਣ
ਸਭ ਦਿਲ ਦੇ ਤਾਰ।

ਬਿੱਲ, ਕਰੌਂਦਾ, ਰੀਠਾ, ਕੁਸਮ
ਤੇ ਹਰੜ, ਕਦੰਬ,
ਖੁਸ਼ਬੋਈਆਂ ਨਾਲ ਭਰ ਜਾਂਦਾ,
ਜਿਉਂ ਅੰਗ-ਅੰਗ।

ਜੰਗਲ-ਜਲੇਬੀ, ਮਹਿੰਦੀ
ਤੇ ਬੱਲਮਖ਼ੀਰਾ,
ਗੁਲਹੜ, ਵਣ, ਕਰੀਰ ਭਰੇ,
ਯਾਦਾਂ ਦਾ ਜਖੀਰਾ।

'ਮਰੂਦ, ਨਿੰਬੂ ਤੇ ਸਹੰਜਣਾ
ਰੁੱਖ ਸਿਹਤ ਵਧਾਉਂਦੇ,
ਢੇਊ, ਖਜੂਰ ਤੇ ਕੜੀਪੱਤਾ,
ਭੋਜਨ ਮਹਿਕਾਉਂਦੇ।

ਤੂਤ, ਲਸੂੜਾ, ਚਮਰੋੜ,
ਰੁੱਖ ਅੰਬੀਆਂ ਵਾਲਾ,
ਯਾਦਾਂ ਦੇ ਵਿੱਚ ਧਸ ਗਿਆ,
ਰੁੱਖ ਰੋਹੀ ਵਾਲਾ।
ਯਾਦਾਂ ਦੇ...

(ਗੁਰਸ਼ਰਨ ਸਿੰਘ)




ਫ਼ਰਕ ਹੁੰਦਾ ਏ... 3

ਦਾਬ ਤੇ ਦਾਬੇ ਦਾ
ਟੋਕਰੀ ਤੇ ਛਾਬੇ ਦਾ

ਜੀਰੇ ਤੇ ਜੀਰੀ ਦਾ
ਖੋਏ ਤੇ ਪੰਜੀਰੀ ਦਾ

ਫੱਕੇ ਤੇ ਫਾਕੇ ਦਾ
ਵਾਛੜ ਤੇ ਛਰਾਟੇ ਦਾ

ਢੋਲ ਤੇ ਢੋਲਕ ਦਾ
ਤਜੌਰੀ ਤੇ ਗੋਲਕ ਦਾ

ਡੋਡੀ ਤੇ ਬੂਰ ਦਾ
ਕਿਣਮਿਣ ਤੇ ਭੂਰ ਦਾ

ਪੇਟੀ ਤੇ ਸੰਦੂਕ ਦਾ
ਪਿਸਤੌਲ ਤੇ ਬੰਦੂਕ ਦਾ

ਹਨੇਰੀ ਤੇ ਹਨੇਰ ਦਾ
ਸਾਝਰੇ ਤੇ ਸਵੇਰ ਦਾ

ਚਕਲੀ ਤੇ ਚੱਕੀ ਦਾ
ਅੰਗੀਠੀ ਤੇ ਪੜਛੱਤੀ ਦਾ

ਪੱਲੀ ਤੇ ਪਰਲੀ ਦਾ
ਅਰਲ ਤੇ ਅਰਲੀ ਦਾ

ਠਾਕੇ ਤੇ ਠੱਕੇ ਦਾ
ਢਿਮਕੇ ਤੇ ਢਮੱਕੇ ਦਾ

✍️ @ShabadShala




ਕਿੰਨੀ ਸੋਚ ਘੁਮੰਡੀ ਹੋਈ,
ਦੋ ਭਾਈਆਂ ਵਿੱਚ ਵੰਡੀ ਹੋਈ

ਮੈਂ-ਮੈਂ, ਤੂੰ-ਤੂੰ ਆਖਣ ਲੱਗੇ
ਇੱਕ-ਦੂਜੇ ਨੂੰ ਆਖਣ ਲੱਗੇ
ਮੈਨੂੰ ਮਾੜਾ ਢੱਗਾ ਮਿਲਿਆ
ਉਹਨੂੰ ਬੌਲਦ ਬੱਗਾ ਮਿਲਿਆ
ਉਹਨੂੰ ਝੋਟੀ ਪੰਜ-ਕਲਿਆਣੀ
ਮੈਨੂੰ ਤੋਕੜ, ਫੰਡਰ, ਕਾਣੀ
ਮੈਨੂੰ ਰੰਬਾ ਖੁੰਢਾ ਦਿੱਤਾ
ਕਹੀ ਦਿੱਤੀ ਉਹਨੂੰ ਚੰਡੀ ਹੋਈ
ਦੋ ਭਾਈਆਂ ਵਿੱਚ ਵੰਡੀ ਹੋਈ

ਚੁੰਭਾ ਵੰਡਿਆ, ਗੰਡ ਵੰਡ ਲਈ
ਤੇ ਚੂਰੇ ਦੀ ਪੰਡ ਵੰਡ ਲਈ
ਪੈਲੀ ਵੰਡ ਲਈ ਪਾਣੀ ਵੰਡਿਆ
ਤੋਰੀਆ ਘਾਣੀ-ਘਾਣੀ ਵੰਡਿਆ
ਅਰਲੀਆਂ ਹਲ ਪੰਜਾਲੀ ਵੰਡੀ
ਕੜਛੀਆਂ ਕੌਲੀ ਥਾਲੀ ਵੰਡੀ
ਭਾਈਆਂ ਦੇ ਵਿੱਚ ਵੰਡ ਹੋ ਗਈ
ਪਰ੍ਹਿਆਂ ਦੇ ਵਿੱਚ ਭੰਡੀ ਹੋਈ
ਦੋ ਭਾਈਆਂ ਵਿੱਚ ਵੰਡੀ ਹੋਈ

ਮਹਿਰੂ ਵੰਡਿਆ , ਗੋਕਾ ਵੰਡਿਆ
ਤੰਗਲੀ ਮੂਸਲ ਟੋਕਾ ਵੰਡਿਆ
ਰੇਜੇ ਖੇਸ ਚਤ੍ਹਹੀਆਂ ਵੰਡ ਲਏ
ਗੰਨਾਂ ਜੌਂ ਮਕੀਈਆਂ ਵੰਡ ਲਏ
ਬੋਲੀ ਬਾਣਾ ਬੋਲ ਵੰਡ ਲਏ
ਤੂੰਬੀ ਮੱਟੀਆਂ ਢੋਲ ਵੰਡ ਲਏ
ਪੁੱਤਾਂ ਹੱਥੀਂ ਆਪ ਹੈ ਖੋਲ੍ਹੀ
ਬਾਬਿਆਂ ਡੋਰ ਸੀ ਗੰਢੀ ਹੋਈ
ਦੋ ਭਾਈਆਂ ਵਿੱਚ ਵੰਡੀ ਹੋਈ

ਚੰਗੀ ਵਹੁਟੀ ਸੌਹਰੇ ਆਈ
ਭਾਈਆਂ ਦੇ ਵਿੱਚ ਵੰਡੀ ਪਾਈ
ਏਦੂੰ ਤਾਂ ਇਹ ਛੜੇ ਚੰਗੇ ਸਨ
ਲੜਦੇ ਨਹੀਂ ਸਨ ਬੜੇ ਚੰਗੇ ਸਨ
ਹੁਣ ਭਾਈਆਂ ਵਿੱਚ ਪਾਟਕ ਪੈ ਗਿਆ
ਵੇਹੜੇ ਦੇ ਵਿੱਚ ਫਾਟਕ ਪੈ ਗਿਆ
ਵੱਖੋ-ਵੱਖਰੇ ਰਸਤੇ ਹੋ ਗਏ
ਵੱਖੋ-ਵੱਖਰੀ ਡੰਡੀ ਹੋਈ
ਭਾਈਆਂ ਦੇ ਵਿੱਚ ਵੰਡੀ ਹੋਈ

ਛੋਟੀਆਂ ਗੱਲਾਂ ਮਸਲੇ ਬਣ ਗਏ
ਮਾਣ ਦੋਵਾਂ ਦੇ ਅਸਲੇ ਬਣ ਗਏ
ਸਾਂਝ-ਭੜੋਲਿਓਂ ਮੁੱਕੇ ਦਾਣੇ
ਵਿਲਕਣ ਲੋਕੀਂ ਭੁੱਖਣ-ਭਾਣੇ
ਲਾਂਬੂ ਨਹੀਂ ਕੋਈ ਮੱਠਾ ਕਰਦਾ
ਹਰ ਇੱਕ ਦੇਖ ਕੇ ਠੱਠਾ ਕਰਦਾ
ਨਾਨਕ ਅਤੇ ਫਰੀਦ ਦੀ ਧਰਤੀ
ਕਿਉਂ ਬਾਰੂਦ ਦੀ ਮੰਡੀ ਹੋਈ
ਭਾਈਆਂ ਦੇ ਵਿੱਚ ਵੰਡੀ ਹੋਈ

ਕਰਮਾਂ ਵਾਲਿਓ, ਧਰਮਾਂ ਵਾਲਿਓ
ਕਰਮ ਕਮਾਓ, ਸ਼ਰਮ ਕਮਾਓ
ਧਰਮ ਪਾਬੰਦੀਆਂ ਲਾਉਂਦਾ ਨਹੀਂ
ਭਾਂਬੜ ਕਦੇ ਮਚਾਉਂਦਾ ਨਹੀਂ
ਇਹ ਨੇ ਸਭ ਚੌਧਰ ਦੇ ਝੇੜੇ
ਪਿੱਟ-ਸਿਆਪਾ ਪਿਆ ਜੋ ਵੇਹੜੇ
ਸਿਰ ਚੁੱਕਣ ਦਾ ਹੀਆ ਨਾ ਕਰਦੀ
ਖ਼ਲਕਤ ਜ਼ੁਲਮ ਦੀ ਫੰਡੀ ਹੋਈ
ਭਾਈਆਂ ਦੇ ਵਿੱਚ ਵੰਡੀ ਹੋਈ

ਦੂਰੀਆਂ ਛੱਡੋ ਆਓ ਨੇੜੇ
ਬਿਨ ਪਲੇਥਣ ਹੋਣ ਨਾ ਪੇੜੇ
ਨਫ਼ਰਤ ਦੇ ਸਿੰਗਾਂ ਨੂੰ ਦਾਗੋ
ਪਿਆਰ ਦੀ ਆਓ ਕੱਢੀਏ ਜਾਗੋ
ਪੰਜਾਬ ਸੋਹਣੇ ਨੂੰ ਖਾਰੇ ਬਹਾਈਏ
ਆਓ ਨੀ ਸਕੀਓ ਦਹੀਂ ਚੜ੍ਹਾਈਏ
ਹੋਵੇ ਪਿੰਡ 'ਚ ਮੁੜ ਚੁੰਝ ਚਰਚਾ
ਸ਼ਾਹਾਂ ਦੀ ਫਿਰ ਝੰਡੀ ਹੋਈ
ਸ਼ਾਹਾਂ ਦੀ ਫਿਰ ਝੰਡੀ ਹੋਈ

(ਗੁਰਵਿੰਦਰ 'ਚਾਕ')




ਵਾਢੀਆਂ

ਚੇਤ ਦਾ ਮਹੀਨਾ ਜਦੋਂ, ਅੱਧੋਂ ਪਾਰ ਲੰਘਦਾ ਸੀ
ਹਰ ਖੇਤ ਲੱਗਦਾ ਸੁਨਹਿਰੀ ਜਿਹੇ ਰੰਗ ਦਾ ਸੀ
ਦੰਦੇ ਕੱਢ ਦਾਤੀਆਂ ਨੂੰ ਫਿਰਦੇ ਸ਼ਿੰਗਾਰੀ ਸੀ
ਕਿਸੇ ਬੰਨ੍ਹੇ ਘੁੰਗਰੂ ਕੋਈ ਕੋਕੇ ਜੜੀ ਸਾਰੀ ਸੀ
ਹੋਰ ਕਿਸੇ ਕੰਮ ਦੀ ਨਾ, ਹੁੰਦੀ ਪ੍ਰਵਾਹ ਸੀ
ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ

ਕਣਕਾਂ ਜਵਾਨ ਜਦੋਂ ਹੁੰਦੀਆਂ ਸੀ ਪੱਕ ਕੇ
ਸ਼ੁਕਰ ਗ਼ੁਜ਼ਾਰਦੇ ਸੀ, ਜੱਟ ਤੱਕ-ਤੱਕ ਕੇ
ਗਿੱਲੀ ਕਰ ਝੋਨੇ ਦੀ ਪਰਾਲੀ ਬੇੜੇ ਵੱਟਣੇ
ਵੱਟ-ਵੱਟ ਬੇੜ ਸੀ, ਪੈ ਜਾਂਦੇ ਹੱਥੀਂ ਰੱਟਣੇ
ਅੱਗ ਲਾ ਪਰਾਲੀ ਨੂੰ, ਨਾ ਕਰਦੇ ਸੁਆਹ ਸੀ
ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ

ਵਾਢੀ ਲਈ ਤਿਆਰ ਹੁੰਦੇ ਸਾਰੇ ਬੰਦੇ-ਬੁੜੀਆਂ
ਜੁੜਦਾ ਸੀ ਸਾਰਾ ਪਰਿਵਾਰ ਮੁੰਡੇ-ਕੁੜੀਆਂ
ਬੱਚਿਆਂ ਨੂੰ ਛੁੱਟੀਆਂ ਸਕੂਲੋਂ ਵੀ ਕਰਾਉਂਦੇ ਸੀ
ਰਲ-ਮਿਲ ਸਾਰੇ ਜਣੇ ਰਿਜ਼ਕ ਕਮਾਉਂਦੇ ਸੀ
ਮਾਸਟਰ ਵੀ ਨਾ ਇਹਦੀ ਦਿੰਦੇ ਕੋਈ ਸਜ਼ਾ ਸੀ
ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ

ਖੇਤਾਂ ਵਿੱਚ ਜਦੋਂ ਬੇਬੇ ਭੱਤਾ ਲੈ ਕੇ ਆਉਂਦੀ ਸੀ
ਲੱਸੀ-ਦਹੀਂ ਅੰਬੀਆਂ ਦੀ ਚਟਣੀ ਲਿਆਉਂਦੀ ਸੀ
ਗੰਢਾ ਤੇ ਆਚਾਰ ਖਾਣਾ ਬੜਾ ਮਨਭਾਉਂਦਾ ਸੀ
ਖੇਤਾਂ ਵਿੱਚ ਖਾਣ ਦਾ ਨਜ਼ਾਰਾ ਬੜਾ ਆਉਂਦਾ ਸੀ
ਥੋੜ੍ਹੀ ਦੇਰ ਲੰਮੇ ਪੈ ਕੇ, ਲੈਂਦੇ ਅੱਖ ਲਾ ਸੀ
ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ

ਸਾਰਾ ਦਿਨ ਵੱਢ ਕੇ ਜੋ ਲਾਉਂਦੇ ਸੀ ਸੱਥਰੀਆਂ
ਭਰਕੇ ਕਲਾਵੇ ਸ਼ਾਮੀ, ਬੰਨ੍ਹਦੇ ਸੀ ਭਰੀਆਂ
ਭਰੀਆਂ ਨੂੰ ਗੱਡੇ ਉੱਤੇ ਲੱਦ ਕੇ ਲਿਆਉਂਦੇ ਸੀ
ਲੱਗਣੀ ਮਸ਼ੀਨ ਜਿੱਥੇ, ਉੱਥੇ ਫਾਲ ਲਾਉਂਦੇ ਸੀ
ਭਰੀਆਂ ਦਾ ਭੋਰਾ ਵੀ ਨਾ, ਕਰਦੇ ਵਸਾਹ ਸੀ
ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ

ਬੀਬੀਆਂ ਨੇ ਬੱਚਿਆਂ ਦੇ ਨਾਲ ਸਿੱਟੇ ਚੁਗਣੇ
ਚੁਗ-ਚੁਗ ਸਿੱਟੇ ਰੋਜ਼, ਕਰੀ ਜਾਣੇ ਦੁੱਗਣੇ
'ਕੱਠੇ ਕੀਤੇ ਸਿੱਟਿਆਂ ਨੂੰ ਧੁੱਪ 'ਚ ਸੁਕਾਉਂਦੇ ਸੀ
ਕੁੱਟ-ਕੁੱਟ ਮੂੰਗਲੇ ਨਾ' ਦਾਣੇ ਫੇ' ਬਣਾਉਂਦੇ ਸੀ
ਕਰ ਲੈਂਦੇ ਅੱਡ ਦਾਣੇ, ਹਵਾ 'ਚ ਉਡਾਅ ਸੀ
ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ

ਦਾਣਿਆਂ ਲਈ ਰੱਖਦੇ ਡਰੰਮ ਵੀ ਤਿਆਰ ਸੀ
ਤੂੜੀ ਵਾਲੇ ਅੰਦਰ ਵੀ, ਦਿੰਦੇ ਝਾੜੂ ਮਾਰ ਸੀ
ਲੈਂਦੇ ਫੇ' ਡਰੰਮ ਭਰ, ਦਾਣੇ 'ਕੱਠੇ ਕਰ ਸੀ
ਤੂੜੀ ਨਾਲ ਅੰਦਰ ਵੀ, ਦਿੰਦੇ ਤੁੰਨ ਭਰ ਸੀ
ਪੂਰੇ ਸਾਲ ਵਾਲਾ ਲੈਂਦੇ, ਰਿਜ਼ਕ ਕਮਾ ਸੀ
ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ

ਚਲਦੀ ਇਹ ਵਾਢੀ ਇੱਕ-ਡੇਢ ਕੁ ਮਹੀਨਾ ਸੀ
ਪਿੰਡ ਵਿੱਚ ਇੱਕ-ਦੋ ਹੀ ਹੁੰਦੀਆਂ ਮਸ਼ੀਨਾਂ ਸੀ
ਵਾਰੋ-ਵਾਰੀ ਕਣਕ ਆਪੋ-ਆਪਣੀ ਕੱਢਦੇ ਸੀ
ਹੌਂਸਲੇ ਬੁਲੰਦ ਹੁੰਦੇ ਦਿਲ ਨਹੀਂਓਂ ਛੱਡਦੇ ਸੀ
ਦਾਣੇ ਸਾਂਭ, ਕੁੱਪ ਲੈਂਦੇ ਤੂੜੀ ਦੇ ਬਣਾ ਸੀ
ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ

ਮਾਰਾਂ ਮੈਂ ਪੁਰਾਣੇ ਵੇਲੇ ਵੱਲ ਜਦੋਂ ਝਾਤੀ ਨੂੰ
ਦਿਸੇ ਨਾ ਕੋਈ ਘੁੰਗਰੂ, ਲਵਾਉਂਦਾ ਅੱਜ ਦਾਤੀ ਨੂੰ
ਆਗੀਆਂ ਮਸ਼ੀਨਾਂ 'ਖੁਸ਼ੀ' ਸੱਚੀ ਗੱਲ ਕਹਿ ਗਿਆ
ਹੱਥੀਂ-ਵਾਢੀ ਵਾਲਾ ਤਾਂ, ਜ਼ਮਾਨਾ ਪਿੱਛੇ ਰਹਿ ਗਿਆ
ਹਰ ਬੰਦੇ ਨੂੰ ਹੀ ਉਦੋਂ, ਕੰਮ ਨਾਲ ਭਾਅ ਸੀ
ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ

(ਖੁਸ਼ੀ ਮੁਹੰਮਦ ਚੱਠਾ)




ਓਟਾ, ਤੌੜੀ, ਹਾਰਾ ਤੇ ਝਲਾਨੀ ਕੀਹਨੂੰ ਕਹਿੰਦੇ ਨੇ,
ਜਾਗ, ਕੂੰਡਾ, ਘੋਟਣਾ, ਠਿਆਨੀ ਕੀਹਨੂੰ ਕਹਿੰਦੇ ਨੇ।

ਡਾਂਗ, ਛਟੀ, ਡੰਡਾ ਅਤੇ ਟੰਬਾ ਕੀਹਨੂੰ ਕਹਿੰਦੇ ਨੇ,
ਮੂਸਾ, ਸਿੱਟ, ਛਿੱਤਰ, ਹੜੰਬਾ ਕੀਹਨੂੰ ਕਹਿੰਦੇ ਨੇ।

ਤੱਕਲਾ, ਤਾਣਾ ਤੇ ਸੰਢ, ਅੱਡਾ ਕੀਹਨੂੰ ਕਹਿੰਦੇ ਨੇ,
ਪੁਲੀ, ਬੀੜ੍ਹੀ ਤੇ ਸ਼ਤੀਰੀ, ਖੱਡਾ ਕੀਹਨੂੰ ਕਹਿੰਦੇ ਨੇ।

ਬੱਤ, ਰੌਣੀ, ਦੂਹਰ ਤੇ ਔੜ ਕੀਹਨੂੰ ਕਹਿੰਦੇ ਨੇ,
ਵਾੜ, ਦੌਣ, ਖੁਰੀਆਂ ਤੇ ਗਪੌੜ ਕੀਹਨੂੰ ਕਹਿੰਦੇ ਨੇ।

ਵੱਟ, ਸੀਹਾ, ਪੱਛੋਂ ਅਤੇ ਪਹਿਰ ਕੀਹਨੂੰ ਕਹਿੰਦੇ ਨੇ,
ਖ਼ਾਲ, ਕੱਸੀ, ਮੋਘਾ, ਸੂਆ, ਨਹਿਰ ਕੀਹਨੂੰ ਕਹਿੰਦੇ ਨੇ।

ਮੂਕਾ, ਸਾਫਾ, ਪੱਗ ਤੇ ਦੁਮਾਲਾ ਕੀਹਨੂੰ ਕਹਿੰਦੇ ਨੇ।
ਤੇਸੀ, ਗਜ਼, ਲਾਟੂ, ਗੁਰਮਾਲਾ ਕੀਹਨੂੰ ਕਹਿੰਦੇ ਨੇ।

ਓਰੇ, ਜੰਮ, ਢੀਂਡੀ ਤੇ ਗੁਲੇਲ ਕੀਹਨੂੰ ਕਹਿੰਦੇ ਨੇ।
ਹੈਰੋ, ਸੱਕ, ਟੁਰਲਾ ਤੇ ਮੇਲ ਕੀਹਨੂੰ ਕਹਿੰਦੇ ਨੇ।

ਲਾਗੀ, ਭੇਲੀ, ਪੱਤਲ, ਕੋਠੀ-ਝਾੜ ਕੀਹਨੂੰ ਕਹਿੰਦੇ ਨੇ।
ਨਾਲ, ਪਿੜ, ਸਾਊ ਤੇ ਦਹਾੜ ਕੀਹਨੂੰ ਕਹਿੰਦੇ ਨੇ।

(ਜਗਦੀਪ ਸਿੰਘ)




ਫ਼ਰਕ ਹੁੰਦਾ ਏ... 2.

ਟੀਕੇ ਤੇ ਲੋਦੇ ਦਾ
ਵਾਲਾਂ ਤੇ ਬੋਦੇ ਦਾ

ਲੱਡੂ ਤੇ ਪਿੰਨੀ ਦਾ
ਕਾੜ੍ਹੀ ਤੇ ਰਿੰਨ੍ਹੀ ਦਾ

ਮੌਜੇ ਤੇ ਜੁੱਤੀ ਦਾ
ਮੋਰੀ ਤੇ ਗੁੱਤੀ ਦਾ

ਸਿੱਟੇ ਤੇ ਛਿੱਟੇ ਦਾ
ਕੂਹਣੀ ਤੇ ਗਿੱਟੇ ਦਾ

ਸਫ਼ੇ ਤੇ ਵਰਕੇ ਦਾ
ਛਰ੍ਹੇ ਤੇ ਕਰਚੇ ਦਾ

ਡਾਂਗ, ਸੋਟੇ ਤੇ ਖੂੰਡੇ ਦਾ
ਝੂਲੇ ਤੇ ਚਕਰਚੂੰਡੇ ਦਾ

ਜੋਟੀ ਤੇ ਜੋਟੇ ਦਾ
ਗੋਲੇ ਤੇ ਗਲੋਟੇ ਦਾ

ਚਾਲ ਤੇ ਚਾਲੇ ਦਾ
ਕਰੰਡੀ ਤੇ ਗੁਰਮਾਲੇ ਦਾ

ਖੱਚਰ ਤੇ ਖੋਤੀ ਦਾ
ਧੋਤੀ ਤੇ ਲੰਗੋਟੀ ਦਾ

ਵਾਰ ਤੇ ਗਾਣੇ ਦਾ
ਬਦਾਨੇ ਤੇ ਮਖਾਣੇ ਦਾ

ਜੋ ਕਿ ਨਵੀਂ ਪੀੜ੍ਹੀ ਰਲਗੱਡ ਕਰੀ ਜਾ ਰਹੀ ਏ...

✍️ @ShabadShala




ਕੱਤ ਪੂਣੀਆਂ ਗਲੋਟੇ ਲਾਹ ਲੈ
ਨੀ ਜਿੰਨਾ ਚਿਰ ਚੱਲੇ ਚਰਖਾ
ਜਿੰਦੇ ਤੰਦ ਤੂੰ ਸ਼ੌੰਕ ਦੇ ਪਾ ਲੈ
ਨੀ ਜਿੰਨਾ ਚਿਰ ਚੱਲੇ ਚਰਖਾ

ਸੋਚਾਂ ਵਾਲੇ ਤੱਕਲੇ ਦੇ ਵਲ ਕੱਢ ਲੈ
ਹਾਸਿਆਂ ਚੋਂ ਰੋਸਿਆਂ ਦਾ ਹੱਲ ਕੱਢ ਲੈ
ਖੇਸ ਖੁਸ਼ੀਆਂ ਦੇ ਹੱਥੀਂ ਬਣਾ ਲੈ
ਨੀ ਜਿੰਨਾ ਚਿਰ ਚੱਲੇ ਚਰਖਾ
ਜਿੰਦੇ ਤੰਦ ਤੂੰ ਸ਼ੌਂਕ ਦੇ ਪਾ ਲੈ
ਨੀ ਜਿੰਨਾ ਚਿਰ ਚੱਲੇ ਚਰਖਾ

ਮੋਹ ਵਾਲੀ ਮਾਲ੍ਹ ਰੱਖ ਪੂਰੀ ਕਸ ਕੇ
ਦੁੱਖਾਂ ਵਾਲੇ ਪਲ ਕੱਟ ਜਿੰਦੇ ਹੱਸ ਕੇ
ਦਰੀ ਸੁੱਖਾਂ ਦੀ ਬਣਾਕੇ ਤੂੰ ਹੰਢਾ ਲੈ
ਨੀ ਜਿੰਨਾ ਚਿਰ ਚੱਲੇ ਚਰਖਾ
ਜਿੰਦੇ ਤੰਦ ਤੂੰ ਸ਼ੌਕ ਦੇ ਪਾ ਲੈ
ਨੀ ਜਿੰਨਾ ਚਿਰ ਚੱਲੇ ਚਰਖਾ

ਗਮਾਂ ਵਾਲੀ ਗੁੱਝ ਨੂੰ ਹਟਾਲੈ ਬੋਲਣੋਂ
ਮਨ ਦਿਆਂ ਮੁੰਨਿਆਂ ਨੂੰ ਵਰਜ ਡੋਲਣੋਂ
ਚਰਮਖ ਚਿੱਤ ਵਾਲੀ ਚੰਗੀ ਬਣਵਾ ਲੈ
ਨੀ ਜਿੰਨਾ ਚਿਰ ਚੱਲੇ ਚਰਖਾ
ਜਿੰਦੇ ਤੰਦ ਤੂੰ ਮੁਹੱਬਤਾਂ ਦੇ ਪਾ ਲੈ
ਨੀ ਜਿੰਨਾ ਚਿਰ ਚੱਲੇ ਚਰਖਾ

ਦਿਲ ਵਾਲੇ ਛਿੱਕੂ ਵਿੱਚ ਰੱਖ ਖੁਸ਼ੀਆਂ
ਜਿੰਦਗੀ ਤ੍ਰਿੰਝਣ ਬਹਿਕੇ ਕੱਤ ਖੁਸ਼ੀਆਂ
ਫੁੱਲ ਕੱਤਣੀ ਨੂੰ ਰੀਝਾਂ ਵਾਲੇ ਲਾ ਲੈ
ਨੀ ਜਿੰਨਾ ਚਿਰ ਚੱਲੇ ਚਰਖਾ
ਜਿੰਦੇ ਤੰਦ ਤੂੰ ਸ਼ੌਂਕ ਦੇ ਪਾ ਲੈ
ਨੀ ਜਿੰਨਾ ਚਿਰ ਚੱਲੇ ਚਰਖਾ

ਬਿੰਦਰਾ ਕਸਣ ਰੱਖ ਰੂਹ ਵਾਲੀ ਕਸ ਕੇ
ਮਨ ਦਾ ਮਝੇਰੂ ਮਿਲੇ ਮਨਾਂ ਤਾਈਂ ਹੱਸ ਕੇ
ਯਾਦਾਂ ਸੋਹਣੀਆਂ ਦਾ ਸੂਤ ਰੰਗਵਾ ਲੈ
ਨੀ ਜਿੰਨਾ ਚਿਰ ਚੱਲੇ ਚਰਖਾ
ਜਿੰਦੇ ਤੰਦ ਤੂੰ ਸ਼ੌਂਕ ਦੇ ਪਾ ਲੈ
ਨੀ ਜਿੰਨਾ ਚਿਰ ਚੱਲੇ ਚਰਖਾ

(ਕੁਲਵਿੰਦਰ ਸਿੱਧੂ)




ਕੂੰਡੇ-ਘੋਟਣੇ ਰਗੜੀ ਚਟਣੀ,
ਕਾੜ੍ਹੇ ਦੁੱਧ 'ਚੋਂ ਕੱਢੀ ਮਖਣੀ!
ਫੁੱਲੋ, ਮੀਣੀ ਮੱਝ ਦੇ ਦੁੱਧ ਤੋਂ,
ਲੱਸੀ ਤਿਓੜਾਂ ਪੀਤੀਆਂ!
ਬੜਾ ਚੇਤੇ ਆਉਂਦੀਆਂ ਨੇ,
ਹੱਡ ਹੰਡਾਈਆਂ ਬੀਤੀਆਂ..!
ਬੜਾ ਚੇ...

ਧੂਣੀ ਲਾ ਭੁੰਨ ਹੋਲ਼ਾਂ ਖਾਣਾ,
ਪੈਦਲ ਤੁਰਕੇ ਮੇਲੇ ਜਾਣਾ!
ਆੜੀ-ਬੇਲੀਆਂ ਦੇ ਨਾਲ ਬਹਿਕੇ,
ਠੱਠੇ-ਮਖੌਲਾਂ ਕੀਤੀਆਂ!
ਬੜਾ ਚੇਤੇ ਆਉਂਦੀਆਂ ਨੇ,
ਹੱਡ ਹੰਢਾਈਆਂ ਬੀਤੀਆਂ..!
ਬੜਾ ਚੇ...

ਫਾਂਟਾਂ ਵਾਲਾ ਪਜਾਮਾ ਪਾਓਣਾ,
ਪੂਛਾਂ ਫੜ-ਫੜ ਛੱਪੜੀਂ ਨਾਓਣਾ!
ਰੁੱਖਾਂ 'ਤੇ ਚੜ੍ਹ ਲੀੜੇ ਪਾੜੇ,
ਤੋਪੇ ਲਾ-ਲਾ ਸੀਤੀਆਂ ਨੀਕਰਾਂ!
ਬੜਾ ਚੇਤੇ ਆਉਂਦੀਆਂ ਨੇ,
ਹੱਡ ਹੰਢਾਈਆਂ ਬੀਤੀਆਂ ..!
ਬੜਾ ਚੇ...

ਵਗਦੀਆਂ ਨਲੀਆਂ ਝੱਗੇ ਪਾਟੇ,
ਨਿਕਲੇ ਫੋੜੇ ਖਿੱਲਰੇ ਝਾਟੇ!
ਖਾਲੀ ਬੋਰੀ ਦੇ ਟਾਟ ਤੇ ਬਸਤੇ,
ਖੇਡੇ ਗੁੱਲੀ-ਡੰਡਾ, ਡੀਟੀਆਂ!
ਬੜਾ ਚੇਤੇ ਆਉਂਦੀਆਂ ਨੇ,
ਹੱਡ ਹੰਢਾਈਆਂ ਬੀਤੀਆਂ..!
ਬੜਾ ਚੇ...

✍️ ਹਰਜੀਤ ਸਿੰਘ ਗਿੱਲ
✂️ by @ShabadShala

Показано 20 последних публикаций.